Back

ਸਤਿਕਾਰਤ ਇਲਾਕਾ ਨਿਵਾਸੀਓ

ਪਬਲਿਕ ਕਾਲਜ ਸਮਾਣਾ ਦਾ ਵਿੱਦਿਅਕ ਖੇਤਰ ਵਿੱਚ ਵੱਕਾਰੀ ਮੁਕਾਮ ਹੈ। ਸਾਡਾ ਕਾਲਜ ਸਮੇਂ ਦੀਆਂ ਹਰ ਚੁਣੌਤੀਆਂ ਨੂੰ ਸਰ ਕਰਦਾ ਆਪਣੀਆਂ ਸਾਰਥਕ ਲੀਹਾਂ ਸਥਾਪਿਤ ਕਰ ਰਿਹਾ ਹੈ। ਇਸ ਕਾਲਜ ਦਾ ਆਗਾਜ਼ ਸੰਨ 1969 ਵਿੱਚ ਜਿਹੜੀਆਂ ਉਮੀਦਾਂ ਨਾਲ ਸ਼ੁਰੂ ਹੋਇਆ ਉਨਾਂ ਨੂੰ ਪੂਰਾ ਕਰ ਇਸ ਨੇ ਆਪਣੇ ਨਾਮਣਾ ਖੱਟਿਆ ਹੈ। ਸੀਮਿਤ ਸਾਧਨਾਂ ਨਾਲ ਛੋਟੀ ਜਿਹੀ ਇਮਾਰਤ ਵਿੱਚ ਥੋੜ੍ਹੇ ਜਿਹੇ ਵਿਦਿਆਰਥੀਆਂ ਦੀ ਆਮਦ ਨਾਲ ਸ਼ੁਰੂ ਹੋਏ ਇਸ ਚਾਨਣ ਮੁਨਾਰੇ ਨੇ ਉਸ ਸਮੇਂ ਸਾਨੂੰ ਨਵੀਂ ਆਸ ਵਿੱਚ ਬੰਨਿਆ ਸੀ। ਅਸੀਂ ਇਲਾਕੇ ਵਿੱਚ ਸਿੱਖਿਆ ਦੇ ਪ੍ਰਸਾਰ ਦਾ ਜੋ ਇੱਕ ਨੇਕ ਵਿਚਾਰ ਦਾ ਸੁਪਨਾ ਲੈ ਕੇ ਤੁਰੇ ਸਾਂ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਕਾਰਿਤ ਹੋਇਆ ਹੈ। ਅੱਜ ਆਪਣਾ ਕਾਲਜ ਇਲਾਕੇ ਦਾ ਸਿਰਮੌਰ ਕਾਲਜ ਬਣਿਆ ਅਤੇ ਤਾਲੀਮ ਦੇ ਖੇਤਰ ਵਿੱਚ ਨਵੇ ਮਿਆਰ ਸਥਾਪਿਤ ਕਰਨ ਵਿੱਚ ਕਾਮਯਾਬ ਹੋਇਆ ਹੈ। ਸਾਡੇ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਇਸ ਕਾਲਜ ਨੇ ਵਿੱਦਿਅਕ ਪੱਛੜੇਪਨ ਨੂੰ ਦੂਰ ਕਰਨ ਵਿੱਚ ਭਰਪੂਰ ਯੋਗਦਾਨ ਪਾਉਂਦਿਆਂ ਹਰ ਖੇਤਰ ਵਿੱਚ ਨਵੇਂ ਮੁਕਾਮ ਹਾਸਿਲ ਕੀਤੇ ਹਨ। ਅੱਜ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਅਤੇ ਤਕਰੀਬਨ 32 ਏਕੜ ਵਿੱਚ ਫੈਲੇ ਇਸ ਕਾਲਜ ਕੋਲ ਵਿਸ਼ਾਲ ਇਮਾਰਤ, ਆਧੁਨਿਕ ਸਹੂਲਤਾਂ, ਖੇਡ-ਮੈਦਾਨ ਅਤੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਤਮਾਮ ਸਾਧਨ ਮੌਜੂਦ ਹਨ। ਇਹ ਕਾਲਜ ਅਕਾਦਮਿਕ ਖੇਤਰ ਵਿੱਚ ਹੀ ਨਹੀਂ ਸਗੋਂ ਸੱਭਿਆਚਾਰਕ, ਸਮਾਜਿਕ ਅਤੇ ਖੇਡ ਜਗਤ ਵਿੱਚ ਵੀ ਨਿਰੰਤਰ ਮੱਲ੍ਹਾਂ ਮਾਰ ਰਿਹਾ ਹੈ।ਕਾਲਜ ਪ੍ਰਿੰਸੀਪਲ, ਮੈਨੇਜਮੈਂਟ ਕਮੇਟੀ, ਸਮੂਹ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਨ। ਇਸ ਸੰਸਥਾ ਵਿੱਚ ਆਰਥਿਕ ਪੱਖੋਂ ਕਮਜ਼ੋਰ ਅਤੇ ਮਿਹਨਤੀ ਵਿਦਿਆਰਥੀਆਂ ਲਈ ਵਜ਼ੀਫਿਆਂ ਦਾ ਪ੍ਰਬੰਧ ਹੈ। ਪੱਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਫੀਸ ਮੁਆਫ਼ੀ ਅਤੇ ਵਿੱਦਿਅਕ-ਖੇਤਰ, ਖੇਡ-ਖੇਤਰ, ਸੱਭਿਆਚਾਰਕ ਅਤੇ ਸਮਾਜਿਕ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਅਤੇ ਸਨਮਾਨ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਨੇ ਵੀ ਇਸ ਸੰਸਥਾ ਵਿੱਚ ਪੜ੍ਹ ਕੇ ਉੱਚ ਖੇਤਰ ਦੀਆਂ ਨੌਕਰੀਆਂ ਹਾਸਲ ਕਰ ਕੇ ਇਲਾਕੇ ਦਾ ਨਾਮ ਦੇਸ਼-ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ। ਸਾਡੀ ਅਸਲ ਪੂੰਜੀ ਸਾਡੇ ਵਿਦਿਆਰਥੀ ਹਨ ਇਸ ਲਈ ਨਵੀਂ ਸਿੱਖਿਆ ਨੀਤੀ ਦੇ ਤਹਿਤ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਨਵੇਂ ਵਿਸ਼ਿਆਂ ਅਤੇ ਕੋਰਸਾਂ ਦੇ ਸਨਮੁੱਖ ਨਵੀਂ ਤਕਨੀਕ ਨਾਲ ਸਿਖਿਆ ਪ੍ਰਦਾਨ ਕਰਨ ਦੀ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਹਾਂ।

ਮੈਂ ਨਵੇਂ ਵਿੱਦਿਅਕ ਸੈਸ਼ਨ (2025-26) ‘ਚ ਸਾਡੇ ਕਾਲਜ ਵਿੱਚ ਦਾਖਲਾ ਲੈ ਕੇ ਸਾਡੀ ਸੰਸਥਾ ਦੇ ਮੈਂਬਰ ਬਣ ਰਹੇ ਪਿਆਰੇ ਵਿਦਿਆਰਥੀਆਂ ਦਾ ਸੁਆਗਤ ਕਰਦਾ ਹਾਂ। ਵਿਦਿਆਰਥੀ ਹੀ ਇਸ ਸੰਸਥਾ ਦੀ ਮੂੰਹ ਬੋਲਦੀ ਤਸਵੀਰ ਹਨ। ਮੈਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹਾਂ। ਪ੍ਰਿੰਸੀਪਲ ਸਾਹਿਬ,ਅਧਿਆਪਕ ਸਹਿਬਾਨ, ਵਿਦਿਆਰਥੀਆਂ ਤੇ ਮਾਪਿਆਂ ਦਾ ਧੰਨਵਾਦ ਕਰਦਾ ਹਾਂ ਜਿੰਨਾਂ ਨੇ ਬੱਚਿਆਂ ਨੂੰ ਇਸ ਮਿਆਰੀ ਸੰਸਥਾ ਵਿੱਚ ਪੜ੍ਹਣ ਲਈ ਮੌਕਾ ਦਿੱਤਾ ਹੈ।

   
ਸ. ਇੰਦਰਜੀਤ ਸਿੰਘ      
ਸਕੱਤਰ
ਮੈਨੇਜਮੈਂਟ ਸੋਸਾਇਟੀ,
ਪਬਲਿਕ ਕਾਲਜ ਸਮਾਣਾ।