ਪਿਆਰੇ ਵਿਦਿਆਰਥੀਓ,
ਮੈਂ ਤੁਹਾਡਾ ਪਬਲਿਕ ਕਾਲਜ ਸਮਾਣਾ ਦੀ ਅਕਾਦਮਿਕ ਪਰੰਪਰਾ ਵਿੱਚ ਸਵਾਗਤ ਕਰਦਾ ਹਾਂ। 1969 ਵਿੱਚ ਸਥਾਪਿਤ ਇਹ ਕਾਲਜ ਪਿਛਲੇ ਪੰਜ ਦਹਾਕਿਆਂ ਤੋਂ ਸਮਾਣਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਗੁਣਵੱਤਾਪੂਰਕ ਸਿੱਖਿਆ ਰਾਹੀਂ ਵਿਦਿਆਰਥੀ ਦਾ ਬਹੁਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਸਾਡਾ ਟੀਚਾ ਸਿਰਫ਼ ਡਿਗਰੀ ਦੇਣਾ ਨਹੀਂ, ਸਗੋਂ ਵਿਦਿਆਰਥੀ ਨੂੰ ਇੱਕ ਸਮਰੱਥ, ਜ਼ਿੰਮੇਵਾਰ ਅਤੇ ਨੈਤਿਕ ਭਰਪੂਰ ਸੰਪੂਰਨ ਨਾਗਰਿਕ ਬਣਾਉਣਾ ਹੈ ਤਾਂ ਕਿ ਉਹ ਸਮਾਜ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾ ਸਕਣ। ਅਸੀਂ ਸਿੱਖਿਆ ਦੇ ਅਸਲ ਮੰਤਵ ਦੀ ਪੂਰਤੀ ਲਈ ਸਮਰਪਿਤ ਹਾਂ ਜਿੱਥੇ ਗਿਆਨ ਦੇ ਪ੍ਰਸਾਰ ਦੇ ਨਵੇਂ ਰਾਹਾਂ ਬਾਰੇ ਜਾਣੂ ਕਰਵਾਉਣਾ ਸਾਡਾ ਮੁੱਖ ਕਾਰਜ ਹੈ।
ਅਸੀਂ ਵਿਦਿਆਰਥੀਆਂ ਦੇ ਸਿਲੇਬਸ ਤੋਂ ਬਾਹਰ ਉਨ੍ਹਾਂ ਦੇ ਅੰਦਰ ਮਾਨਵੀਂ ਗੁਣਾਂ ਦਾ ਵਿਕਾਸ ਕਰਨ ਦਾ ਸੁਖਾਵਾਂ ਮਾਹੌਲ ਵੀ ਪ੍ਰਦਾਨ ਕਰਦੇ ਹਾਂ। ਅਸੀਂ ਇਸ ਗਲੋਬਲ ਮੁਕਾਬਲੇ ਦੇ ਦੌਰ ਵਿਚ ਸਿੱਖਿਆ ਦੇ ਵਿਕਾਸ ਲਈ ਨਵੀਂ ਤਕਨੀਕ ਰਾਹੀਂ ਵਿੱਦਿਆ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਿਤ ਕਰਦੇ ਹਾਂ। ਸਾਡੀਆਂ ਅਤਿ-ਆਧੁਨਿਕ ਪ੍ਰਯੋਗਸ਼ਾਲਾਵਾ, ਸਮਾਰਟ ਕਲਾਸ-ਰੂਮ ਅਤੇ ਵਿਸ਼ਾਲ ਲਾਇਬ੍ਰੇਰੀ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮਦਦ ਕਰਦੇ ਹਨ। ਸਾਡੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਨਾ ਸਿਰਫ਼ ਵਿਦਿਆਰਥੀਆਂ ਨੂੰ ਕਲਾਸ-ਰੂਮ ਸਿੱਖਿਆ ਪ੍ਰਦਾਨ ਕਰਦੇ ਹਨ ਸਗੋਂ ਵਿਦਿਆਰਥੀਆਂ ਦੀ ਬਹੁੱਪਖੀ ਸਖਸ਼ੀਅਤ ਉਭਾਰਨ ਵਿੱਚ ਪੂਰਨ ਯੋਗਦਾਨ ਪਾਉਂਦੇ ਹਨ। ਕਾਲਜ ਪ੍ਰਸ਼ਾਸਨ ਵਿੱਚ ਤਜ਼ਰਬੇਕਾਰ ਗੈਰ-ਅਧਿਆਪਨ ਸਟਾਫ਼ ਵਿਦਿਆਰਥੀਆਂ ਦੇ ਗੈਰ-ਅਕਾਦਮਿਕ ਕੰਮਾਂ ਵਿਚ ਪੂਰਨ ਸਹਿਯੋਗ ਕਰਦੇ ਹਨ।
ਅਸੀਂ ਕੌਮੀ ਸਿੱਖਿਆ ਨੀਤੀ 2020 ਨੂੰ ਕੇਂਦਰਿਤ ਕਰਦਿਆਂ ਨਵੇਂ ਯੁੱਗ ਦੀਆਂ ਚੁਣੋਤੀਆਂ ਨੂੰ ਸਿੰਝਣ ਲਈ ਲਚਕੀਲੀ, ਬਹੁ-ਆਯਾਮੀ, ਬਹੁ-ਅਨੁਸ਼ਾਸਨੀ, ਅੰਤਰ-ਅਨੁਸ਼ਾਸਨੀ ਤੇ ਵਿਦਿਆਰਥੀ-ਕੇਂਦਰਤ ਸਿੱਖਿਆ ਪ੍ਰਣਾਲੀ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਸਾਡੀ ਸੰਸਥਾ ਵਿੱਚ ਅਸੀਂ ਵਿਦਿਆਰਥੀਆਂ ਨੂੰ ਵਿਸ਼ਵ ਦੀ ਸਿੱਖਿਆ/ਗਿਆਨ ਦੇ ਹਾਣ ਦਾ ਬਣਾਉਣ ਲਈ ਤੱਤਪਰ ਹਾਂ। ਸਾਡੀ ਸੰਸਥਾ ਵਿੱਚ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਉੱਚ ਮਿਆਰ ਲਈ ਗਤੀਵਿਧੀਆਂ ਦੇ ਤਹਿਤ ਅਕਾਦਮਿਕ ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਪ੍ਰਤਿਭਾ ਦੇ ਨਿਖਾਰ ਲਈ ਸਹਿ-ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਵਿਦਿਆਰਥੀਆਂ ਦੀਆਂ ਆਰਥਿਕ, ਮਾਨਸਿਕ ਤੇ ਸਮਾਜਿਕ ਹਰ ਤਰ੍ਹਾਂ ਦੀਆਂ ਲੋੜਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਂਦੀ ਇਹ ਸੰਸਥਾ ਇਲਾਕੇ ਦਾ ਨਾਮ ਰੋਸ਼ਨ ਕਰ ਰਹੀ ਹੈ।
ਪਿਆਰੇ ਵਿਦਿਆਰਥੀਓ! ਪਬਲਿਕ ਕਾਲਜ ਸਮਾਣਾ ਵਿੱਚ ਦਾਖ਼ਲਾ ਲੈ ਕੇ ਆਪਣੇ ਅਕਾਦਮਿਕ ਸਫ਼ਰ ਦਾ ਹਿੱਸਾ ਬਣੋ। ਤੁਸੀ ਸਫਲਤਾ ਦੀ ਪਗਡੰਡੀ ਤੇ ਤੁਰਦਿਆਂ ਇਸ ਕਾਲਜ ਦੀ ਕਾਮਯਾਬੀ ਪਿਰਤ ਨੂੰ ਅੱਗੇ ਲੈ ਕੇ ਜਾਵੋਗੇ, ਇਹ ਮੈਨੂੰ ਭਰੋਸਾ ਹੈ। ਮੈਂ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ।
ਡਾ. ਹਰਕੀਰਤ ਸਿੰਘ ਸਿੱਧੂ
ਪ੍ਰਿੰਸੀਪਲ
ਪਬਲਿਕ ਕਾਲਜ ਸਮਾਣਾ




